ਦੇਖਭਾਲ ਦਾ ਇੱਕ ਨਵਾਂ ਮਾਡਲ: ਹਸਪਤਾਲ ਦੀ ਦੇਖਭਾਲ ਘਰ ਲਿਆਉਣਾ
ਵੈਨਕੂਵਰ ਜਨਰਲ ਹਸਪਤਾਲ (VGH) ਵਿਖੇ ਸ਼ੁਰੂ ਕੀਤਾ ਗਿਆ ਇੱਕ ਨਵਾਂ ਪ੍ਰੋਗਰਾਮ ਜਿਸ ਨੂੰ ਹੌਸਪਿਟਲ ਐਟ ਹੋਮ (Hospital at Home) ਕਿਹਾ ਜਾਂਦਾ ਹੈ, ਯੋਗ ਮਰੀਜ਼ਾਂ ਨੂੰ ਉਹਨਾਂ ਦੇ ਆਪਣੇ ਘਰਾਂ ਦੇ ਆਰਾਮ ਵਿੱਚ ਹਸਪਤਾਲ-ਪੱਧਰ ਦੀ ਦੇਖਭਾਲ ਪ੍ਰਾਪਤ ਕਰਨ ਦੀ ਚੋਣ ਦਿੰਦਾ ਹੈ, ਜਿਸ ਦੇ ਨਤੀਜੇ ਵਜੋਂ ਮਰੀਜ਼ਾਂ ਨੂੰ ਬਿਹਤਰ ਦੇਖਭਾਲ ਅਤੇ ਵਧੇਰੇ ਸੰਤੁਸ਼ਟੀ ਮਿਲਦੀ ਹੈ।
ਹੌਸਪਿਟਲ ਐਟ ਹੋਮ ਦੇ ਹਰ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਮਰੀਜ਼ ਮੰਨਿਆ ਜਾਂਦਾ ਹੈ। ਉਹਨਾਂ ਦੀ ਦਾਖਲੇ ਦੀ ਸਥਿਤੀ VGH ਵਿਖੇ ਦੇਖਭਾਲ ਪ੍ਰਾਪਤ ਕਰਨ ਵਾਲੇ ਕਿਸੇ ਵਿਅਕਤੀ ਵਰਗੀ ਹੀ ਹੈ। ਬਿਲਕੁਲ ਹਸਪਤਾਲ ਵਾਂਗ, ਇੱਕ ਨਰਸ ਅਤੇ ਡਾਕਟਰ ਨਿਯਮਿਤ ਤੌਰ 'ਤੇ ਮਰੀਜ਼ਾਂ ਦੀ ਵਿਅਕਤੀਗਤ ਤੌਰ 'ਤੇ ਅਤੇ ਵਰਚੁਅਲ ਢੰਗ ਨਾਲ ਜਾਂਚ ਕਰਦੇ ਹਨ, ਅਤੇ ਇੱਕ ਫਾਰਮਾਸਿਸਟ ਸਾਰੀਆਂ ਦਵਾਈਆਂ ਪ੍ਰਦਾਨ ਕਰਦਾ ਹੈ। ਤਕਨਾਲੋਜੀ ਦੇ ਕੁਝ ਅਹਿਮ ਹਿੱਸੇ ਹਨ ਜੋ ਦੇਖਭਾਲ ਦੇ ਇਸ ਪ੍ਰੋਗਰਾਮ ਨੂੰ ਸੰਭਵ ਬਣਾਉਣ ਵਿੱਚ ਵੀ ਮਦਦ ਕਰਦੇ ਹਨ।
ਹੌਸਪਿਟਲ ਐਟ ਹੋਮ ਮਾਡਲ ਲਗਭਗ 20 ਸਾਲਾਂ ਤੋਂ ਆਸਟ੍ਰੇਲੀਆ ਅਤੇ ਯੂਨਾਈਟਿਡ ਕਿੰਗਡਮ ਦੇ ਨਾਲ-ਨਾਲ ਵੈਨਕੂਵਰ ਆਇਲੈਂਡ ਹੈਲਥ ਅਤੇ ਨੌਰਦਰਨ ਹੈਲਥ ਵਿਖੇ ਪਿਛਲੇ ਤਿੰਨ ਸਾਲਾਂ ਤੋਂ ਮਰੀਜ਼ਾਂ ਅਤੇ ਸਿਹਤ ਪ੍ਰਦਾਤਾਵਾਂ ਦੀ ਸੰਤੁਸ਼ਟੀ ਲਈ ਕਾਮਯਾਬੀ ਨਾਲ ਚਲਾਇਆ ਜਾ ਰਿਹਾ ਹੈ।
"ਮਰੀਜ਼ਾਂ ਦੇ ਘਰ ਵਿੱਚ ਜਾ ਕੇ, ਦੇਖਭਾਲ ਟੀਮਾਂ ਮਰੀਜ਼ ਦੇ ਮਾਹੌਲ ਨੂੰ ਚੰਗੀ ਤਰ੍ਹਾਂ ਸਮਝ ਦੀਆਂ ਹਨ, ਅਤੇ ਸਿਹਤ ਸੰਭਾਲ ਲਈ ਇੱਕ ਅਜਿਹੀ ਸੰਪੂਰਨ ਪਹੁੰਚ ਪੇਸ਼ ਕਰ ਸਕਦੀਆਂ ਹਨ ਜੋ ਮਰੀਜ਼ ਦੀਆਂ ਸਰੀਰਕ, ਭਾਵਨਾਤਮਕ ਅਤੇ ਸਮਾਜਿਕ ਲੋੜਾਂ ਨੂੰ ਸੰਬੋਧਿਤ ਕਰਦੀ ਹੈ," ਵੈਨਕੂਵਰ ਐਕਿਊਟ ਵਿਖੇ ਇੰਟਰਨਲ ਮੈਡੀਸਿਨ ਦੀ ਔਪ੍ਰੇਸ਼ਨਜ਼ ਡਾਇਰੈਕਟਰ, ਅਤੇ ਵੈਨਕੂਵਰ ਐਕਿਊਟ ਵਿਖੇ ਹੌਸਪਿਟਲ ਐਟ ਹੋਮ ਦੇ ਔਪ੍ਰੇਸ਼ਨਜ਼ ਡਾਇਰੈਕਟਰ, Pam Papp ਨੇ ਕਿਹਾ। "ਉਹ ਆਪਣੇ ਮਰੀਜ਼ਾਂ ਅਤੇ ਉਹਨਾਂ ਦੇ ਅਜ਼ੀਜ਼ਾਂ ਨੂੰ ਵਧੇਰੇ ਬਿਹਤਰ ਢੰਗ ਨਾਲ ਜਾਣਨ ਲਈ ਹੋਰ ਸਮਾਂ ਬਿਤਾ ਰਹੇ ਹਨ, ਜਿਸ ਦੇ ਸਿੱਟੇ ਵਜੋਂ ਨਤੀਜਿਆਂ ਅਤੇ ਮਰੀਜ਼ਾਂ ਦੀ ਸੰਤੁਸ਼ਟੀ ਵਿੱਚ ਸੁਧਾਰ ਹੁੰਦਾ ਹੈ।"