ਸਾਹ ਨਾਲ ਸੰਬੰਧਤ ਚੰਗੇ ਤੌਰ ਤਰੀਕੇ ਅਪਣਾਓ

An illustration showing people practicing good respiratory hygiene in the winter

ਸਾਹ ਨਾਲ ਸੰਬੰਧਤ ਸਿਹਤਮੰਦ ਆਦਤਾਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਬਹੁਤ ਜ਼ਰੂਰੀ ਹਨ, ਖਾਸ ਕਰਕੇ ਸਰਦੀਆਂ ਵਿੱਚ ਜਦੋਂ ਇਨਫਲੂਐਂਜ਼ਾ ਅਤੇ ਕੋਵਿਡ-19 ਵਰਗੇ ਵਾਇਰਸ ਵੱਧ ਫੈਲਦੇ ਹਨ। ਕੁਝ ਆਸਾਨ ਤਰੀਕੇ ਅਪਣਾਕੇ, ਤੁਸੀਂ ਆਪਣੀ ਸਿਹਤ ਅਤੇ ਆਪਣੇ ਆਲੇ-ਦੁਆਲੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਕਰ ਸਕਦੇ ਹੋ।

ਸਾਹ ਨਾਲ ਸੰਬੰਧਤ ਚੰਗੇ ਤੌਰ ਤਰੀਕਿਆਂ ਨੂੰ ਸਮਝਣਾ

ਸਾਹ ਸਬੰਧੀ ਚੰਗੇ ਤੌਰ ਤਰੀਕਿਆਂ ਵਿੱਚ ਉਹ ਉਪਾਅ ਸ਼ਾਮਲ ਹਨ ਜੋ ਗੱਲ ਕਰਨ, ਖੰਘਣ ਜਾਂ ਛਿੱਕਣ ਵੇਲੇ ਕਣਾਂ ਰਾਹੀਂ ਕੀਟਾਣੂਆਂ ਦੇ ਫੈਲਾਅ ਨੂੰ ਰੋਕਦੇ ਹਨ। ਕਿਉਂਕਿ ਇਹ ਕਣ ਬਿਮਾਰੀਆਂ ਪੈਦਾ ਕਰ ਸਕਦੇ ਹਨ, ਇਸ ਲਈ ਇਹਨਾਂ ਦੇ ਫੈਲਾਅ ਨੂੰ ਰੋਕਣਾ ਬਹੁਤ ਜ਼ਰੂਰੀ ਹੈ।

ਸਾਹ ਸਬੰਧੀ ਪ੍ਰਮੁੱਖ ਸੁਰੱਖਿਆ ਕਦਮ

  • ਖੰਘਣਾ ਅਤੇ ਛਿੱਕਣਾ: ਖੰਘਣ ਜਾਂ ਛਿੱਕਣ ਵੇਲੇ ਹਮੇਸ਼ਾ ਆਪਣੇ ਮੂੰਹ ਅਤੇ ਨੱਕ ਨੂੰ ਟਿਸ਼ੂ ਜਾਂ ਆਪਣੀ ਕੂਹਣੀ ਨਾਲ ਢੱਕੋ। ਵਰਤੋਂ ਤੋਂ ਬਾਅਦ ਟਿਸ਼ੂ ਸੁਰੱਖਿਅਤ ਤਰੀਕੇ ਨਾਲ ਸੁੱਟੋ ਅਤੇ ਫਿਰ ਹੱਥ ਸਾਫ਼ ਕਰੋ।
  • ਹੱਥਾਂ ਦੀ ਸਫਾਈ: ਆਪਣੇ ਹੱਥਾਂ ਨੂੰ ਘੱਟੋ-ਘੱਟ 20 ਸਕਿੰਟ ਲਈ ਸਾਬਣ ਅਤੇ ਪਾਣੀ ਨਾਲ ਧੋਵੋ, ਖਾਸ ਕਰਕੇ ਜਨਤਕ ਥਾਂ ‘ਤੇ ਜਾਣ ਤੋਂ ਬਾਅਦ ਜਾਂ ਨੱਕ ਸਾਫ ਕਰਨ, ਖੰਘਣ ਜਾਂ ਛਿੱਕਣ ਤੋਂ ਬਾਅਦ। ਜੇ ਸਾਬਣ ਅਤੇ ਪਾਣੀ ਆਸਾਨੀ ਨਾਲ ਉਪਲਬਧ ਨਹੀਂ ਹਨ, ਤਾਂ ਅਲਕੋਹਲ-ਅਧਾਰਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ।
  • ਚਿਹਰੇ ਨੂੰ ਛੂਹਣ ਤੋਂ ਪਰਹੇਜ਼ ਕਰਨਾ: ਆਪਣਾ ਚਿਹਰਾ, ਖ਼ਾਸ ਕਰਕੇ ਅੱਖਾਂ, ਨੱਕ ਜਾਂ ਮੂੰਹ, ਛੂਹਣ ਨਾਲ ਵਾਇਰਸ ਸਤਹ ਤੋਂ ਸਰੀਰ ਵਿੱਚ ਆ ਸਕਦੇ ਹਨ। ਆਪਣੇ ਹੱਥਾਂ ਨੂੰ ਆਪਣੇ ਚਿਹਰੇ ਤੋਂ ਦੂਰ ਰੱਖਣਾ ਇਸ ਜੋਖਮ ਨੂੰ ਘਟਾਉਣ ਦਾ ਇੱਕ ਸਧਾਰਣ ਪਰ ਪ੍ਰਭਾਵਸ਼ਾਲੀ ਤਰੀਕਾ ਹੈ।
  • ਬਿਮਾਰ ਹੋਣ 'ਤੇ ਘਰ ਰਹੋ: ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਤਾਂ ਬਿਮਾਰੀ ਦੇ ਫੈਲਣ ਨੂੰ ਸੀਮਤ ਕਰਨ ਲਈ ਘਰ ਰਹਿਣਾ ਸਭ ਤੋਂ ਵਧੀਆ ਹੈ।

ਸਿਹਤਮੰਦ ਵਾਤਾਵਰਨ ਤਿਆਰ ਕਰਨਾ

  • ਨਿਯਮਤ ਸਫ਼ਾਈ: ਆਪਣੇ ਰਹਿਣ ਅਤੇ ਕੰਮ ਕਰਨ ਵਾਲੀਆਂ ਥਾਵਾਂ ਨੂੰ ਸਾਫ਼ ਰੱਖੋ। ਆਮ ਤੌਰ 'ਤੇ ਛੂਹੀਆਂ ਜਾਣ ਵਾਲੀਆਂ ਸਤਹਾਂ ਜਿਵੇਂ ਕਿ ਦਰਵਾਜ਼ੇ ਦੇ ਕੁੰਡੇ, ਲਾਈਟ ਸਵਿੱਚ ਅਤੇ ਮੋਬਾਈਲ ਉਪਕਰਣਾਂ ਨੂੰ ਨਿਯਮਿਤ ਤੌਰ 'ਤੇ ਕੀਟਾਣੂ-ਮੁਕਤ ਕਰੋ।
  • ਹਵਾਦਾਰੀ: ਹਵਾ ਦਾ ਵਧੀਆ ਪ੍ਰਵਾਹ ਸੰਭਾਵਤ ਛੂਤ ਵਾਲੇ ਕਣਾਂ ਨੂੰ ਖਿੰਡਾਉਣ ਵਿੱਚ ਸਹਾਇਤਾ ਕਰ ਸਕਦਾ ਹੈ। ਜਿੱਥੇ ਸੰਭਵ ਹੋਵੇ, ਖਿੜਕੀਆਂ ਖੋਲ੍ਹੋ ਜਾਂ ਹਵਾ ਫਿਲਟਰ ਕਰਨ ਵਾਲੇ ਉਪਕਰਣ ਵਰਤ ਕੇ ਹਵਾਦਾਰੀ ਵਧਾਓ।

ਯਾਦ ਰੱਖੋ

ਸਾਹ ਸਬੰਧੀ ਇਹ ਚੰਗੇ ਤੌਰ ਤਰੀਕੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਲ ਕਰਕੇ, ਤੁਸੀਂ ਇੱਕ ਸਿਹਤਮੰਦ ਭਾਈਚਾਰੇ ਵਿੱਚ ਯੋਗਦਾਨ ਪਾ ਰਹੇ ਹੋ। ਅਸੀਂ ਸਾਰੇ ਆਪਣੀ ਸਾਂਝੀ ਹਵਾ ਨੂੰ ਸਾਫ਼ ਅਤੇ ਸੁਰੱਖਿਅਤ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।